੨੧ ਫਰਵਰੀ – ਮਾਤ ਭਾਸ਼ਾ

ਡੀ. ਏ. ਵੀ. ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਵਿੱਚ ਸਥਾਪਿਤ ਪੰਜਾਬੀ ਸਾਹਿਤ ਸਭਾ ਮੰਚ ਵੱਲੋਂ ੨੧ ਫਰਵਰੀ ਮਾਤ ਭਾਸ਼ਾ ਦਿਹਾੜੇ ਦੇ ਸੰਦਰਭ ਵਿੱਚ ਇਕ ਪ੍ਰੋਗਰਾਮ ਉਲੀਕਿਆ ਗਿਆ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਮੁਖੀ ਪੰਜਾਬੀ ਵਿਭਾਗ ਡਾ. ਅਸ਼ੋਕ ਕੁਮਾਰ ਖੁਰਾਣਾ, ਨੇ ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹਾਂਗੇ ਤਾਂ ਬਾਕੀ ਭਾਸ਼ਾਵਾਂ ਵੀ ਆਪਣੇ ਆਪ ਸਿੱਖ ਜਾਵਾਂਗੇ। ਉਹਨਾਂ ਪੰਜਾਬੀ ਸਾਹਿਤ ਸਭਾ ਵੱਲੋਂ ਇਸ ਦਿਹਾੜੇ ਉਲੀਕੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰੋਗਰਾਮ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ ਅਤੇ ਵਿਦਿਆਰਥੀਆਂ ਵਲੋਂ ਅਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਨਾਲ ਮਾਂ ਬੋਲੀ ਅਤੇ ਉਸ ਵਿਚ ਰਚੇ ਸਾਹਿਤ ਪ੍ਰਤਿ ਚੇਤਨਤਾ ਪੈਦਾ ਹੁੰਦੀ ਹੈ।

ਇਸ ਪ੍ਰੋਗਰਾਮ ਪਹਿਲੇ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ, ਮੁਖੀ ਅਤੇ ਉੱਘੇ ਨਾਟਕਕਾਰ ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ੨੧ ਫਰਵਰੀ ਨੂੰ ਮਾਤ ਭਾਸ਼ਾ ਦਿਹਾੜੇ ਦੀ ਸ਼ੁਰੂਆਤ, ਪੰਜਾਬੀ ਭਾਸ਼ਾ ਦੀ ਸਥਿਤੀ, ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦੇ ਅੰਤਰ-ਸੰਬੰਧ ਬਾਰੇ ਖੁੱਲ੍ਹ ਕੇ ਚਰਚਾ ਕੀਤੀ।
ਪ੍ਰੋਗਰਾਮ ਦੇ ਦੂਸਰੇ ਸੈਸ਼ਨ ਵਿੱਚ ਅੰਤਰ ਕਾਲਜ ਪ੍ਰਸ਼ਨੋਤਰੀ ਮੁਕਾਬਲਾ ਰੱਖਿਆ ਗਿਆ। ਜਿਸ ਵਿੱਚ ਵੱਖ-ਵੱਖ ਕਾਲਜਾਂ ਤੋਂ ਦੱਸ ਟੀਮਾਂ ਨੇ ਭਾਗ ਲਿਆ। ਪਹਿਲਾਂ ਲਿਖਤੀ ਪ੍ਰੀਖਿਆ ਲਈ ਗਈ ਅਤੇ ਉਸ ਤੋਂ ਬਾਅਦ ਸੱਤ ਟੀਮਾਂ ਨੂੰ ਮੰਚ ਦਿੱਤਾ ਗਿਆ। ਡਾ. ਕੰਵਲਜੀਤ ਸਿੰਘ ਅਤੇ ਡਾ. ਸਾਹਿਬ ਸਿੰਘ ਨੇ ਕੁਇਜ਼ ਮਾਸਟਰ ਦੀ ਭੂਮਿਕਾ ਨਿਭਾਈ। ਪ੍ਰੋ. ਬਲਵਿੰਦਰ ਸਿੰਘ ਨੰਦੜਾ ਅਤੇ ਪ੍ਰੋ. ਕਿਰਨਦੀਪ ਕੌਰ ਨੇ ਸਕੋਰ ਬੋਰਡ ਦੀ ਜ਼ਿੰਮੇਵਾਰੀ ਸੰਭਾਲੀ।ਅੰਗਰੇਜ਼ੀ ਵਿਭਾਗ ਤੋਂ ਪ੍ਰੋ. ਸ਼ਰਦ ਮਨੋਚਾ ਨੇ ਨਿਗਰਾਨ ਅਤੇ ਜੱਜ ਦੀ ਭੂਮਿਕਾ ਨਿਭਾਈ। ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਲਈ ਉਹਨਾਂ ਵਧਾਈ ਦਿੱਤੀ। ਉਹਨਾਂ ਵਿਦਿਆਰਥੀਆਂ ਨਾਲ ਪੰਜਾਬੀ ਮਾਂ ਬੋਲੀ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ।ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚੋਂ ਕੰਨਿਆਂ ਮਹਾਂ ਵਿਦਿਆਲਾ ਨੇ ਪਹਿਲੇ ਸਥਾਨ, ਹੰਸਰਾਜ ਮਹਿਲਾ ਮਹਾਂ ਵਿਦਿਆਲਾ ਨੇ ਦੂਜਾ ਸਥਾਨ, ਮੇਜ਼ਬਾਨ ਟੀਮ ਨੇ ਤੀਸਰਾ ਸਥਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਨੇ ਸਰਾਹਨਾ ਪੁਰਸਕਾਰ ਪ੍ਰਾਪਤ ਕੀਤਾ। ਇਸ ਸਮੇਂ ਪੰਜਾਬੀ ਵਿਭਾਗ ਦੀ ਅਧਿਆਪਿਕਾ ਡਾ. ਗੁਰਜੀਤ ਕੌਰ ਅਤੇ ਉਹਨਾਂ ਦੀ ਸਹਿ ਲੇਖਕ ਡਾ. ਰਵਿੰਦਰ ਕੌਰ ਦੀ ਪੁਸਤਕ ‘ਪ੍ਰਕਾਰਜੀ ਪੰਜਾਬੀ ਭਾਸ਼ਾ’ਦਾ ਲੋਕਾਰਪਣ ਕੀਤਾ ਗਿਆ। ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਪ੍ਰੋ. ਦਵਿੰਦਰ ਮੰਡ, ਪ੍ਰੋ. ਬਲਵਿੰਦਰ ਸਿੰਘ ਨੰਦੜਾ, ਪ੍ਰੋ. ਸ਼ਰਦ ਮਨੋਚਾ (ਅੰਗਰੇਜ਼ੀ ਵਿਭਾਗ) ਪ੍ਰੋ. ਐਸ.ਕੇ.ਮਿੱਡਾ, ਡਾ. ਕੰਵਲਜੀਤ ਸਿੰਘ, ਪ੍ਰੋ. ਮਨਜੀਤ ਸਿੰਘ, ਡਾ. ਸਾਹਿਬ ਸਿੰਘ, ਡਾ. ਗੁਰਜੀਤ ਕੌਰ, ਪ੍ਰੋ. ਪਵਨਦੀਪ ਕੌਰ, ਪ੍ਰੋ.ਮਨਪ੍ਰੀਤ ਕੌਰ ਦੁੱਗਲ, ਪ੍ਰੋ. ਕਿਰਨਦੀਪ ਕੌਰ ਨੇ ਸੰਪੂਰਨ ਯੋਗਦਾਨ ਦਿੱਤਾ।ਉੱਪ ਮੁਖੀ ਪ੍ਰੋ. ਸੁਖਦੇਵ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਾਹਿਤ ਸਭਾ ਦੀ ਸੰਚਾਲਕ ਡਾ. ਕਿਰਨਦੀਪ ਕੌਰ ਨੇ ਪ੍ਰੋਗਰਾਮ ਦਾ ਸੰਪੂਰਨ ਸੰਚਾਲਨ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਬੇਹਤਰੀ ਅਤੇ ਉਹਨਾਂ ਵਿੱਚ ਸਾਹਿਤ ਦੀ ਚੇਟਕ ਲਾਉਣ ਲਈ ਸਮੇਂ ਸਮੇਂ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਉਲੀਕੇ ਜਾਂਦੇ ਰਹਿਣਗੇ।

Archives